top of page
Harvinder Dhaliwal
ਬੁੱਲਿਆ ..ਕੀ ਜਾਣਾ ਮੈਂ ਕੌਣ ...
ਸ਼ਾਇਰੀ ਦਾ ਤੱਤ ਆਪਣੇ ਅੰਦਰ ਮੈਂ ਸ਼ੁਰੂ ਤੋਂ ਮਹਿਸੂਸ ਕੀਤਾ ਹੈ .... ਸਮਾਂ ਬੀਤਣ ਨਾਲ ਅਤੇ ਗੁਰੂ ਲੋਕਾਂ ਦੀ ਸੰਗਤ ਕਰਕੇ ਇਸ ਵਿੱਚ ਨਿਖਾਰ ਆਇਆ ਹੈ ...ਜੇ ਅੱਜ ਕੁਝ ਲਿਖਣ ਜੋਗਰਾ ਹੋਇਆ ਹਾਂ ਤਾਂ ਇਹ ਮੇਰੇ ਗੁਰੂ ਲੋਕਾਂ ਦੀ ਰਹਿਮਤ ਸਦਕਾ ਹੀ ਹੈ ...
ਪਗਡੰਡੀ ਮਿਲ ਗਈ ਹੈ
ਜਾਣੋਂ ਤੇਰੀ ਉਂਗਲ ਮਿਲ ਗਈ ਹੈ
ਡਿੱਗਦਾ ਢਹਿੰਦਾ
ਉੱਠਦਾ ਬਹਿੰਦਾ
ਕਦੇ ਮੀਲ ਪੱਥਰ ਤੇ
ਇੱਕ ਪੈਰ ਧਰ ਖਲੋਂਦਾ
ਪਜਾਮੇ ਨਾਲ ਚੰਬੜੇ ਹੋਏ
ਪੁਠਕੰਡਿਆਂ ਨੂੰ ਲਾਹੁੰਦਾ
ਕਦੇ ਮੱਥੇ ਤੇ ਹੱਥ ਧਰ
ਅੱਡੀਆਂ ਚੁੱਕ ਚੁੱਕ ਵੇਖਦਾ
ਪਹੁੰਚ ਹੀ ਜਾਵਾਂਗਾ ਮੰਜਿਲ ਤੇ
ਕਿਓੰਕੇ ਮੈਨੂੰ ਪਤਾ ਹੈ ਕਿ
ਪਗਡੰਡੀ ਦਾ ਦੂਸਰਾ ਸਿਰਾ
ਮੰਜਿਲ ਦੇ ਮੱਥੇ 'ਚ ਸਮਾਇਆ ਹੋਇਐ
ਇਹ ਸਫਰ
ਮੈਨੂੰ ਕੋਈ ਔਖਾ ਨਹੀਂ ਲੱਗਿਆ
ਔਖਾ ਤਾਂ ਓਦੋਂ ਸੀ
ਜਦ ਨਾਂ ਤੇਰੀ ਉਂਗਲ ਸੀ
ਤੇ ਨਾ ਹੀ ਪਗਡੰਡੀ
ਪੁਠਕੰਡੇ ਵੀ ਨਹੀਂ ਸਨ
ਔਖਾ ਸੀ ਤਾਂ ਬਸ
ਅਨੰਤ ਖਲਾਅ ਵਰਗਾ ਉਹ
ਪੈਰਾਂ ਤੋਂ ਪਗਡੰਡੀ ਤੱਕ ਦਾ ਸਫਰ
--------------------------ਹਰਵਿੰਦਰ ਧਾਲੀਵਾਲ
bottom of page